*

*
*

Wednesday, August 31, 2011

(....ਗੂੰਗਾ ਮੌਸਮ }

ਖੁਦ ਨੂੰ ਖੁਦ ਕਹਿੰਦੇ ਹੋ ਸੂਰਜ ਦੇ ਜਾਏ ਹੋ;
ਫਿਰ ਵੀ ਕਾਹਤੋਂ ਚਾਨਣ ਦੇ ਤਿਰਹਾਏ ਹੋ .
 
ਓ ਦਰਿਆਓ !  ਸਾਡੀ ਲੋੜ ਸੀ ਕੁਝ ਬੂੰਦਾਂ ;
ਤੁਸੀਂ ਤਾਂ ਸਾਰਾ ਸਾਗਰ ਹੀ ਲੈ ਆਏ ਹੋ .
ਕੰਡਿਆਂ ਦਾ ਬੀ ਫੁੱਲਾਂ ਵਿੱਚ ਹੀ ਪਲਦਾ ਹੈ; 
ਇਹ ਸਦੀਆਂ ਦਾ ਸਚ  ਹੈ ਕਿਓਂ ਬੁਖਲਾਏ ਹੋ .
ਮੈਨੂ ਹਰ ਪਲ ਤੁਰ ਜਾਹ ਤੁਰ ਜਾਹ ਕਹਿੰਦੇ ਸਉ;
ਤੁਰ ਚੱਲਿਆਂ ਹਾਂ ਤਾਂ ਪਿਛੇ ਕਿਓਂ ਆਏ ਹੋ .
ਸਾਡਾ ਦੀਵਾ ਜਗਦਾ ਵੇਖ ਨਾ ਜਰਦੇ ਹੋ ;
ਖੂਬ ਗੁਆਂਢੀ ਹੋ ,ਚੰਗੇ ਹਮਸਾਏ ਹੋ. 
ਚਿਹਰਾ ਦਸਦਾ ਹੈ ਕਿ ਰੁੰਨੇ ਹੋ 'ਕੇਸ਼ੀ';
ਕਿਸ ਨੂੰ ਆਪਣਾ ਦਰਦ ਸੁਨਾ ਕੇ ਆਏ ਹੋ .
-ਗੂੰਗਾ ਮੌਸਮ {ਪੰਨਾ ੭੫}    
 
 

-ਹਰ ਦਿਆਲ 'ਕੇਸ਼ੀ'{ਗੂੰਗਾ ਮੌਸਮ} ਪੰਨਾ 76

 ਕਿਸੇ ਵੇਲੇ ਤਾਂ ਬੰਦੇ ਨੂੰ ਖੁਦਾ ਚੇਤੇ ਨਹੀ ਰਹਿੰਦਾ
ਅਸਲ ਵਿਚ ਉਸਨੂ ਆਪਣਾ ਹੀ ਪਤਾ ਚੇਤੇ ਨਹੀ ਰਹਿੰਦਾ
ਅਸਾਂ ਦੀ ਹਰ ਖਤਾ ਹਰ ਬੇਬਸੀ ਨੂ ਯਾਦ ਰਖਦੇ ਹੋ ;
ਨਹੀਂ ਰਹਿੰਦਾ ਤਾਂ ਸਾਡਾ ਤੜਪਨਾ ਚੇਤੇ ਨਹੀਂ ਰਹਿੰਦਾ .
ਕਿਸੇ ਬਦਬੋਲ ਤੇ ਸ਼ਿਕਵੇ ਜੇ ਕਰੀਏ ਵੀ ਤਾਂ ਕਿਓਂ ਕਰੀਏ ;
ਜਦੋਂ ਸਾਨੂੰ ਵੀ ਸਾਡਾ ਬੋਲਿਆ  ਚੇਤੇ ਨਹੀ ਰਹਿੰਦਾ .
ਜਦੋਂ ਉਹ ਜੀਣ ਜੋਗਾ ਵੀ ,ਤੇ ਮਰਜਾਣਾ ਵੀ ਹੁੰਦਾ ਏ;
ਦੁਆ ਤੇ ਬਦਦੁਆ ਵਿਚ ਫਾਸਲਾ  ਚੇਤੇ ਨਹੀ ਰਹਿੰਦਾ 
ਚਿਰਾਂ ਦੇ ਵਿੱਛੜੇ 'ਕੇਸ਼ੀ' ਨੂੰ ਕਿਹੜਾ ਯਾਦ ਕਰਦਾ ਹੈ ;
ਕਿਸੇ ਨੂੰ ਵੀ ਉਹਦਾ ਤੁਰ ਜਾਵਣਾ , ਚੇਤੇ ਨਹੀ ਰਹਿੰਦਾ .
-ਹਰ ਦਿਆਲ 'ਕੇਸ਼ੀ'{ਗੂੰਗਾ  ਮੌਸਮ} ਪੰਨਾ 76   

ਸੌ ਸਲਾਮ

ਹਰਦਿਆਲ ਕੇਸ਼ੀ ਜੀ ਦੇ ਕਲਾਮ ਨੂੰ ਸੌ ਸਲਾਮ  
-ਦੀਪ ਜ਼ੀਰਵੀ

ਨਜ਼ਮ " ਮੰਡੀ " ( ਹਰਦਿਆਲ "ਕੇਸ਼ੀ" )





ਇਸ ਮੰਡੀ ਵਿਚ ਪੱਥਰ ਦਾ ਮੁੱਲ ,
ਲੋਹੇ ਦਾ ਮੁੱਲ ਪੈਂਦਾ |
ਇਸ ਮੰਡੀ ਵਿਚ ਮਿੱਟੀ ਦਾ ਮੁੱਲ ,
ਗੋਹੇ ਦਾ ਮੁੱਲ ਪੈਂਦਾ |

ਇਸ ਮੰਡੀ ਵਿਚ ਮੁੱਲ ਹੀਣ ਹਨ,
ਰੌਸ਼ਨ ਪਾਕ ਜਮੀਰਾਂ,
ਇਸ ਮੰਡੀ ਵਿਚ ਵਿਕ ਗਈਆਂ ਨੇ,
ਖ੍ਵਾਬਾਂ ਦੀਆਂ ਤਾਬੀਰਾਂ |

ਲੋਕੀ ਖੂਬ ਖਰੀਦ ਰਹੇ ਨੇ,
ਕੱਚ ਦੀਆਂ ਤਸਵੀਰਾਂ,
ਲੋਕੀ ਅੱਜ ਕਲ੍ਹ ਵੇਚ ਰਹੇ ਨੇ,
ਆਪਣੀ ਰੂਹ ਦੀਆਂ ਲੀਰਾਂ |
-ਹਰਦਿਆਲ "ਕੇਸ਼ੀ"